#Politics

ਭਾਜਪਾ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੈਮੋਰੰਡਮ

Share this News

ਭਾਜਪਾ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੈਮੋਰੰਡਮ
– ਪੀੜਤ ਕਿਸਾਨਾਂ ਨੂੰ ਬਿਨਾਂ ਗਿਰਦਾਵਰੀ ਦੇ ਜਲਦ ਮੁਆਵਜਾ ਦੇਵੇ ਸਰਕਾਰ- ਭਾਜਪਾ ਆਗੂ

ਫ਼ਿਰੋਜ਼ਪੁਰ, 21 ਅਪ੍ਰੈਲ, 2025:  ਬੀਤੇ ਦਿਨ ਗੁਰੂਹਰਸਹਾਏ ਹਲਕੇ ਅੰਦਰ ਅਚਾਨਕ ਅੱਗ ਲੱਗਣ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਤੇ ਨਾੜ ਜਿੱਥੇ ਸੜਕ ਦੇ ਸੁਆਹ ਹੋ ਗਏ ਸਨ, ਉਥੇ ਮਸ਼ੀਨਰੀ ਦਾ ਵੀ ਕਾਫ਼ੀ ਨੁਕਸਾਨ ਹੋਇਆ ਸੀ। ਉਕਤ ਹੋਏ ਨੁਕਸਾਨ ਦਾ ਮੁਆਵਜ਼ਾ ਪੀੜਤ ਕਿਸਾਨਾਂ ਨੂੰ ਦੁਆਉਣ ਲਈ ਅੱਜ ਭਾਜਪਾ ਆਗੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਿਰੋਜ਼ਪੁਰ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੈਮੋਰੰਡਮ ਭੇਜਿਆ।

ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਮੈਂਬਰ ਕੌਮੀ ਕਾਰਜਕਾਰਨੀ ਭਾਜਪਾ, ਫਤਹਿ ਜੰਗ ਸਿੰਘ ਬਾਜਵਾ ਸਾਬਕਾ ਵਿਧਾਇਕ, ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ, ਅਨੁਮੀਤ ਸਿੰਘ ਹੀਰਾ ਸੋਢੀ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਨੇ ਕਿਹਾ ਕਿ ਹਲਕਾ ਗੁਰੂਹਰਸਹਾਏ ਦੇ ਪਿੰਡ ਕੋਹਰ ਸਿੰਘ ਵਾਲਾ, ਦਿਲਾ ਰਾਮ, ਮਿਸ਼ਰੀ ਵਾਲਾ, ਝਾਂਵਲਾ, ਕੁਤਬਗੜ੍ਹ ਭਾਟਾ, ਬਸਤੀ ਸਰੂ ਸਿੰਘ ਵਾਲੀ, ਲੈਪੋ ਅਤੇ ਹੋਰ ਅਨੇਕਾਂ ਹੀ ਪਿੰਡਾਂ ’ਚ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਅਤੇ ਨਾੜ ਸੜ ਕੇ ਸੁਆਹ ਹੋ ਗਏ ਹਨ। ਇਸ ਦੇ ਬਾਵਜੂਦ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ, ਜਦਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਜਿੱਥੇ ਕਿਤੇ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤਾਂ ਕੁੰਭਕਰਨੀ ਨੀਂਦ ਸੁੱਤੀ ਹੀ ਹੈ, ਬਲਕਿ ਪ੍ਰਸ਼ਾਸਨ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਭਾਜਪਾ ਆਗੂਆਂ ਨੇ ਕਿਹਾ ਕਿ 2021’ਚ ਗੜੇਮਾਰੀ ਕਾਰਨ ਹੋਏ ਫ਼ਸਲ ਦੇ ਨੁਕਸਾਨ ਦੀ ਗਿਰਦਾਵਰੀ ਹੋਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਅਜੇ ਤੱਕ ਮੁਆਵਜਾ ਨਹੀਂ ਮਿਲਿਆ।

ਉਨ੍ਹਾਂ ਕਿਹਾ ਕਿ ਉਹ ਅੱਜ ਲੋਕਾਂ ਦੀਆਂ ਮੰਗਾਂ ਦੇ ਸਬੰਧ ’ਚ ਆਏ ਹਨ, ਕਿਉਂਕਿ ਪੀੜਤ ਕਿਸਾਨ ਰੋ ਰਿਹਾ ਹੈ। ਸਰਕਾਰ ਇਨ੍ਹਾਂ ਪੀੜਤ ਕਿਸਾਨਾਂ ਨੂੰ ਬਿਨਾਂ ਕਿਸੇ ਗਿਰਦਾਵਰੀ ਦੇ ਇਕ ਹਫ਼ਤੇ ਦੇ ਅੰਦਰ-ਅੰਦਰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਵੇ। ਭਾਜਪਾ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਬਿਆਨ ਦਿੱਤਾ ਸੀ ਕਿ ਜੇਕਰ ਕਿਸੇ ਦਾ ਕੋਈ ਵੀ ਨੁਕਸਾਨ ਹੋਵੇਗਾ, ਚਾਹੇ ਕਿਸੇ ਦੀ ਮੁਰਗੀ ਹੀ ਕਿਉਂ ਨਾ ਮਰੀ ਹੋਵੇ, ਉਸ ਦਾ ਵੀ ਮੁਆਵਜਾ ਦਿੱਤਾ ਜਾਵੇਗਾ ਅਤੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਜਲਦ ਪੀੜਤ ਕਿਸਾਨਾਂ ਨੂੰ ਮੁਆਵਜਾ ਜਾਰੀ ਕਰੇ। ਉਨ੍ਹਾਂ ਮੈਮੋਰੰਡਮ ’ਚ ਮੰਗ ਕੀਤੀ ਕਿ ਜਿੰਨਾਂ ਕਿਸਾਨਾਂ ਦੀ ਫ਼ਸਲ ਤਬਾਹ ਹੋਈ ਹੈ, ਉਨ੍ਹਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਦਿੱਤਾ ਜਾਵੇ, ਨਾੜ ਸੜਣ ਵਾਲਿਆਂ ਨੂੰ 15 ਹਜ਼ਾਰ ਰੁਪਏ, ਪੀੜਤ ਕਿਸਾਨਾਂ ਨੂੰ ਘਰ ਦਾ ਗੁਜ਼ਾਰਾ ਚਲਾਉਣ ਲਈ ਘੱਟੋ-ਘੱਟ 1-1 ਸਾਲ ਲਈ ਰਾਸ਼ਨ ਮੁਹੱਈਆ ਕਰਵਾਇਆ ਜਾਵੇ, ਫਾਇਰ ਬ੍ਰਿਗੇਡ ਨੂੰ ਵੱਖ-ਵੱਖ ਜਗ੍ਹਾ ’ਤੇ ਤਾਇਨਾਤ ਕੀਤਾ ਜਾਵੇ ਤਾਂ ਜੋ ਲੋੜ ਅਨੁਸਾਰ ਮੌਕੇ ’ਤੇ ਪਹੁੰਚਿਆ ਜਾਵੇ, 15-20 ਪਿੰਡਾਂ ਦਾ ਕਲੱਸਟਰ ਬਣਾ ਕੇ ਨੋਡਲ ਅਫ਼ਸਰ ਨਿਯੁਕਤ ਕੀਤੇ ਜਾਣ, ਜਿੰਨਾਂ ਦੀ ਜਾਣਕਾਰੀ ਪੰਚਾਇਤ ਸਕੱਤਰ, ਪੰਚਾਂ, ਸਰਪੰਚਾਂ ਨੂੰ ਮੁਹੱਈਆ ਕਰਵਾਈ ਜਾਵੇ ਤਾਂ ਜੋ ਜ਼ਰੂੁਰਤ ਪੈਣ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਮਨਜੀਤ ਸਿੰਘ ਰਾਏ, ਅਨੁਮੀਤ ਸਿੰਘ ਹੀਰਾ ਸੋਢੀ, ਦਵਿੰਦਰ ਸਿੰਘ ਜੰਗ, ਵਿੱਕੀ ਸਿੱਧੂ, ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ, ਐਡਵੋਕੇਟ ਸੁਰਿੰਦਰ ਪਾਲ ਸਿੰਘ ਸਿੱਧੂ, ਜਸਮੇਲ ਸਿੰਘ ਲਾਡੀ ਗਹਿਰੀ, ਅਮਰਜੀਤ ਸਿੰਘ ਘਾਰੂ, ਜਿੰਮੀ ਸੰਧੂ ਆਦਿ ਵੱਡੀ ਗਿਣਤੀ ’ਚ ਭਾਜਪਾ ਵਰਕਰ ਹਾਜ਼ਰ ਸਨ।


Share this News

Call for Peace and Prosperity: SAD (Amritsar)

Leave a comment

Your email address will not be published. Required fields are marked *