ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਨਿੱਜੀਕਰਨ ਦੀ ਯੋਜਨਾ ‘ਤੇ ਕਮਿਊਨਿਸਟ ਆਗੂਆਂ ਵੱਲੋਂ ਨਿਖੇਧ
ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਨਿੱਜੀਕਰਨ ਦੀ ਯੋਜਨਾ ‘ਤੇ ਕਮਿਊਨਿਸਟ ਆਗੂਆਂ ਵੱਲੋਂ ਨਿਖੇਧ
ਮੋਗਾ, 9-3-2025: ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ, ਕਮਿਊਨਿਸਟ ਆਗੂ ਡਾਕਟਰ ਇੰਦਰਵੀਰ ਸਿੰਘ ਗਿੱਲ ਸਾਬਕਾ ਜੱਥੇਬੰਦਕ ਸਕੱਤਰ ਪੀ.ਸੀ.ਐਮ. ਐਸੋਸੀਏਸ਼ਨ ਪੰਜਾਬ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਵਿੱਚ 11500 ਕਰੋੜ ਰੁਪਏ ਨਾਲ ਪ੍ਰਾਈਵੇਟ ਅਦਾਰਿਆਂ ਨੂੰ ਨਿਵੇਸ਼ ਕਰਨ ਦੀ ਇਜਾਜ਼ਤ ਦੇਣ ਦੀ ਨਿਖੇਧੀ ਕੀਤੀ ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਿਹਤ ਢਾਂਚੇ ਨੂੰ ਨਵਿਆਉਣ ਅਤੇ ਬਿਹਤਰ ਪ੍ਰਬੰਧ ਦੇਣ ਦੀ ਬਜਾਏ ਪ੍ਰਾਈਵੇਟ ਹੱਥਾਂ ਵਿੱਚ ਸੌਂਪ ਕੇ ਆਪਣੀ ਜੁੰਮੇਵਾਰੀ ਤੋਂ ਭੱਜਣਾ ਹੈ।ਇਸ ਨਾਲ ਮਜਬੂਰੀ ਵੱਸ ਇਲਾਜ ਕਰਵਾਉਣ ਲਈ ਆਮ ਲੋਕਾਂ ਦੀ ਲੁੱਟ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਮ ਲੋਕਾਂ ਦੇ ਭਲੇ ਲਈ ਇਹ ਕਦਮ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਜਨਤਕ ਸਿਹਤ ਸਹੂਲਤਾਂ ਨੂੰ ਬਚਾਉਣ ਅਤੇ ਪਬਲਿਕ ਅਦਾਰਿਆਂ ਦੀ ਰਾਖੀ ਲਈ ਲੋਕ ਪੱਖੀ ਤਾਕਤਾਂ ਦਾ ਏਕਾ ਉਸਾਰਨ ਦੀ ਅਹਿਮ ਲੋੜ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਵੱਖ-ਵੱਖ ਮੁਲਾਜ਼ਮਾਂ ਦੀਆਂ ਪੋਸਟ ਨੂੰ ਤੁਰੰਤ ਰੈਗੂਲਰ ਤੌਰ ਤੇ ਭਰਨਾ ਚਾਹੀਦਾ ਹੈ ਨਾ ਕਿ ਆਊਟ ਸੋਰਸਿੰਗ ਜਾ ਠੇਕੇ ਤੇ। ਅਤੇ ਪਹਿਲਾਂ ਆਊਟ ਸੋਰਸਿੰਗ ਤੇ ਠੇਕੇ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ।
ਇੱਥੇ ਇਹ ਵੀ ਜ਼ਿਕਰ ਯੋਗ ਹੈ ਕਿ ਪੰਜਾਬ ਸਰਕਾਰ ਦਾ ਸਿਹਤ ਬਜਟ ਬਹੁਤ ਹੀ ਨਿਗੂਣਾ ਹੈ। ਪੰਜਾਬ ਵਿੱਚ ਬਿਮਾਰੀਆਂ ਦਾ ਇਲਾਜ ਬਾਕੀ ਸੂਬਿਆਂ ਦੇ ਮੁਕਾਬਲੇ ਪਹਿਲਾਂ ਹੀ ਬਹੁਤ ਮਹਿੰਗਾ ਹੈ । ਸਿਹਤ ਵਿਭਾਗ ਦੇ ਨਿੱਜੀਕਰਨ ਦੇ ਮਨਸੂਬੇ ਪੰਜਾਬ ਦੇ ਆਮ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੋਵੇਗਾ।