ਸਮਾਜ ਅਤੇ ਦੇਸ਼ ਦੇ ਨਿਰਮਾਣ ਵਿੱਚ ਮਹਿਲਾਵਾਂ ਦਾ ਅਹਿਮ ਰੋਲ ਹੁੰਦਾ ਹੈ : ਡਾ. ਅਮਨਦੀਪ ਕੌਰ

ਬਸਤੀ ਨੱਥੂ ਵਾਲੀ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ
ਸਮਾਜ ਅਤੇ ਦੇਸ਼ ਦੇ ਨਿਰਮਾਣ ਵਿੱਚ ਮਹਿਲਾਵਾਂ ਦਾ ਅਹਿਮ ਰੋਲ ਹੁੰਦਾ ਹੈ : ਡਾ. ਅਮਨਦੀਪ ਕੌਰ
ਫ਼ਿਰੋਜ਼ਪੁਰ, 08 ਮਾਰਚ, 2025: ਸਮਾਜ ਅਤੇ ਦੇਸ਼ ਦੇ ਨਿਰਮਾਣ ਵਿੱਚ ਮਹਿਲਾਵਾਂ ਦਾ ਅਹਿਮ ਰੋਲ ਹੁੰਦਾ ਹੈ। ਮਹਿਲਾਵਾਂ ਮਾਂ ਦੇ ਰੂਪ ਵਿੱਚ ਬੱਚਿਆਂ ਦਾ ਪਹਿਲਾ ਗੁਰੂ ਹੁੰਦੀਆਂ ਹਨ। ਇਹ ਪ੍ਰਗਟਾਵਾ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਦੀ ਧਰਮ ਪਤਨੀ ਡਾ. ਅਮਨਦੀਪ ਕੌਰ ਨੇ ਬਸਤੀ ਨੱਥੂ ਵਾਲੀ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ‘ਤੇ ਆਯੋਜਿਤ ਵਿਸ਼ੇਸ਼ ਸਮਾਗਮ ਦੌਰਾਨ ਕੀਤਾ।
ਇਸ ਮੌਕੇ ਡਾ. ਅਮਨਦੀਪ ਕੌਰ ਨੇ ਸਮੂਹ ਮਹਿਲਾਵਾਂ ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਾਲਾਂਕਿ, ਦੁਨੀਆ ਭਰ ਵਿਚ ਅੱਜ ਹਰੇਕ ਖੇਤਰ ਵਿੱਚ ਮਹਿਲਾਵਾਂ ਦੀ ਸਰਗਰਮ ਭਾਗੀਦਾਰੀ ਲਗਾਤਾਰ ਵੱਧ ਰਹੀ ਹੈ। ਪਰੰਤੂ ਫਿਰ ਵੀ ਦੇਸ਼ ਦੇ ਕਈ ਪ੍ਰਾਂਤਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਵਿੱਚ ਸੁਧਾਰ ਦੀ ਜ਼ਰੂਰਤ ਹੈ। ਸਮਾਜ ਵਿਚੋਂ ਰੂੜੀਵਾਦੀ ਸੋਚ ਨੂੰ ਬਦਲਣ ਲਈ ਵੀ ਹੰਭਲਾ ਮਾਰਨ ਦੀ ਲੋੜ ਹੈ ਤਾਂ ਹੀ ਸਹੀ ਮਾਅਨਿਆਂ ਵਿੱਚ ਔਰਤਾਂ ਨੂੰ ਸਮਾਜ ਵਿੱਚ ਬਰਾਬਰੀ ਦਾ ਦਰਜਾ ਮਿਲ ਸਕਦਾ ਹੈ।
ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿਚ ਔਰਤਾਂ ਸਿੱਖਿਆ ਦੇ ਨਾਲ-ਨਾਲ ਲਗਭਗ ਹਰ ਖੇਤਰ ਵਿਚ ਮੱਲਾ ਮਾਰ ਰਹੀਆਂ ਹਨ। ਉਨ੍ਹਾਂ ਨੇ ਆਪਣੀ ਸਖਤ ਮਿਹਨਤ ਅਤੇ ਆਤਮਵਿਸ਼ਵਾਸ ਦੇ ਜ਼ੋਰ ‘ਤੇ ਹਰ ਖੇਤਰ ਵਿਚ ਮੁਹਾਰਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਕੇਵਲ ਇਕ ਹੀ ਦਿਨ ਨਹੀਂ ਸਗੋਂ ਸਾਰੇ ਦਿਨ ਹੀ ਸਮਰਪਿਤ ਹਨ।
ਇਸ ਮੌਕੇ ਸਰਪੰਚ ਸ. ਗੁਰਮੇਜ ਸਿੰਘ ਬਸਤੀ ਨੱਥੂ ਵਾਲੀ, ਹਿਮਾਂਸ਼ੂ ਠੱਕਰ ਪੀ.ਏ., ਗੁਰਭੇਜ ਸਿੰਘ,
ਸੁੱਖਵਿੰਦਰ ਸਿੰਘ ਸਰਪੰਚ ਬਸਤੀ ਖੇਮਕਰਨ, ਨਿਰਮਲਜੀਤ ਸਿੰਘ ਸਰਪੰਚ ਯੂਨੀਅਨ ਪ੍ਰਧਾਨ, ਰਣਜੀਤ ਸਿੰਘ ਸਰਪੰਚ ਬੱਗੇ ਕੇ ਪਿੱਪਲ, ਦਲਬੀਰ ਸੋਢੀ ਸਰਪੰਚ ਹਸਤੀ ਵਾਲਾ ਅਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਹਾਜ਼ਰ ਸਨ।


































































































