ਗ੍ਰਾਮ ਪੰਚਾਇਤ ਹੁਸੈਨੀਵਾਲਾ ਦੀ ਸਰਪੰਚ ਪੂਜਾ ਨੇ ਰਾਸ਼ਟਰ ਸੰਮੇਲਨ ‘ਚ ਸ਼ਾਮਲ ਹੋ ਕੇ ਫਿਰੋਜ਼ਪੁਰ ਦਾ ਨਾਮ ਕੀਤਾ ਰੌਸ਼ਨ

ਗ੍ਰਾਮ ਪੰਚਾਇਤ ਹੁਸੈਨੀਵਾਲਾ ਦੀ ਸਰਪੰਚ ਪੂਜਾ ਨੇ ਰਾਸ਼ਟਰ ਸੰਮੇਲਨ ‘ਚ ਸ਼ਾਮਲ ਹੋ ਕੇ ਫਿਰੋਜ਼ਪੁਰ ਦਾ ਨਾਮ ਕੀਤਾ ਰੌਸ਼ਨ
ਫਿਰੋਜ਼ਪੁਰ, 7 ਮਾਰਚ, 2025: ਗ੍ਰਾਮ ਪੰਚਾਇਤ ਹੁਸੈਨੀਵਾਲਾ ਦੀ ਸਰਪੰਚ ਪੂਜਾ ਨੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਚਾਇਤੀ ਰਾਜ ਮੰਤਰਾਲਾ ਵੱਲੋਂ ਆਯੋਜਿਤ ਪ੍ਰਸਿੱਧ ‘ਸ਼ਸ਼ਕਤ ਪੰਚਾਇਤ ਨੇਤਰੀ ਅਭਿਆਨ’ ਦੀ ਸ਼ੁਰੂਆਤ ਵਿੱਚ ਸ਼ਾਮਲ ਹੋ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਹ ਅਭਿਆਨ ਜ਼ਮੀਨੀ ਪੱਧਰ ‘ਤੇ ਮਹਿਲਾਵਾਂ ਦੀ ਅਗਵਾਈ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ,ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਸਕੱਤਰ ਅਤੇ ਕੇਂਦਰੀ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਉਰਫ਼ ਲਾਲਨ ਸਿੰਘ ਨੇ ਸ਼ਿਰਕਤ ਕੀਤੀ।
ਸਰਪੰਚ ਪੂਜਾ ਦੀ ਸ਼ਮੂਲੀਅਤ ਪਿਰਾਮਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਹੋਈ, ਜੋ ਕਿ ਅਸਪਿਰੇਸ਼ਨਲ ਜ਼ਿਲ੍ਹਾ ਪ੍ਰੋਗਰਾਮ ਅਧੀਨ ਫਿਰੋਜ਼ਪੁਰ ਵਿੱਚ ਪੰਚਾਇਤ ਆਧਾਰਿਤ ਸ਼ਾਸਨ ਨੂੰ ਮਜ਼ਬੂਤ ਕਰਨ, ਖਾਸ ਤੌਰ ‘ਤੇ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਸੁਧਾਰ ਲਿਆਉਣ ਉੱਤੇ ਕੰਮ ਕਰ ਰਹੀ ਹੈ। ਫਿਰੋਜ਼ਪੁਰ ਦੇ 40 ਪਿੰਡਾਂ ‘ਚ ਪੰਚਾਇਤ ਦੀ ਅਗਵਾਈ ਵਾਲੇ ਉਪਰਾਲਿਆਂ ਰਾਹੀਂ, ਇਹ ਸੰਸਥਾ ਮਾਡਲ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦੀ ਤਿਆਰੀ, ਗ੍ਰਾਮ ਪੰਚਾਇਤ ਫੈਸੀਲੀਟੇਸ਼ਨ ਟੀਮ ਦੀ ਬਣਤਰ ਅਤੇ ਭਾਈਵਾਲੀ ਅਗਵਾਈ ਦੇ ਉਤਸ਼ਾਹਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਸਰਪੰਚ ਪੂਜਾ ਨੇ ਪਿਰਾਮਲ ਫਾਊਂਡੇਸ਼ਨ ਦੀ ਪ੍ਰੋਗਰਾਮ ਲੀਡਰ ਅਫ਼ਸਾਨਾ ਦੇ ਨਾਲ ਮਿਲ ਕੇ ਇਸ ਰਾਸ਼ਟਰੀ ਇਵੈਂਟ ਵਿੱਚ ਹਿੱਸਾ ਲਿਆ, ਸਮੁਦਾਇ-ਕੇਂਦਰਤ ਵਿਕਾਸ ਅਤੇ ਸਮਾਵੇਸ਼ੀ ਸ਼ਾਸਨ ‘ਤੇ ਆਪਣੇ ਵਿਚਾਰ ਪ੍ਰਸਤੁਤ ਕੀਤੇ।
ਸਰਪੰਚ ਪੂਜਾ ਨੇ ਗ੍ਰਾਮ ਪੰਚਾਇਤ ਹੁਸੈਨੀਵਾਲਾ ਦੀਆਂ ਸਰਵੋਤਮ ਪ੍ਰਥਾਵਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਪੰਚਾਇਤ-ਕੇਂਦਰਤ ਪਲਾਨਿੰਗ, ਜੀ.ਪੀ.ਪੀ. ਐਫ. ਟੀ. ਦੀ ਭੂਮਿਕਾ ਅਤੇ ਲੋਕ-ਭਾਗੀਦਾਰੀ ਵਾਲੇ ਸ਼ਾਸਨ ਦੀ ਮਹੱਤਤਾ ਉਭਾਰਨ ‘ਤੇ ਕੇਂਦਰਤ ਚਰਚਾ ਕੀਤੀ। ਉਨ੍ਹਾਂ ਨੇ ਮਹਿਲਾਵਾਂ ਦੀ ਨਿੱਤੀ-ਨਿਰਧਾਰਣ, ਸੇਵਾਵਾਂ ਦੀ ਗੁਣਵੱਤਾ ਸੁਧਾਰ, ਅਤੇ ਸਵੈ-ਸਹਾਇਤਾ ਸਮੂਹਾਂ ਦੀ ਮਜ਼ਬੂਤੀ ਰਾਹੀਂ ਸਮਾਜਿਕ-ਆਰਥਿਕ ਉਨਤੀ ਵਿੱਚ ਭੂਮਿਕਾ ਨੂੰ ਉਭਾਰਿਆ।
ਇਹ ਸਮਾਗਮ ਮਹਿਲਾ ਅਗਵਾਈ ਦੀ ਸ਼ਕਤੀ, ਉਨ੍ਹਾਂ ਦੀ ਅਵਾਜ਼ ਨੂੰ ਉਭਾਰਨ ਅਤੇ ਉਨ੍ਹਾਂ ਦੇ ਨਿਰੀਤਵ ਨੂੰ ਵਧਾਉਣ ਲਈ ਇੱਕ ਸ਼ਕਤੀਸ਼ਾਲੀ ਮੰਚ ਸੀ, ਜਿਸ ਨੇ ਇਹ ਜ਼ੋਰ ਦਿੱਤਾ ਕਿ ਮਹਿਲਾਵਾਂ ਸਿਰਫ਼ ਆਗੂ ਹੀ ਨਾ ਬਣਨ, ਸਗੋਂ ਨੀਤੀਆਂ ਅਤੇ ਫੈਸਲਿਆਂ ‘ਤੇ ਪ੍ਰਭਾਵਸ਼ਾਲੀ ਰੂਪ ਵਿੱਚ ਅਸਰ ਵੀ ਪਾਉਣ।
ਸਰਪੰਚ ਪੂਜਾ ਦੀ ਇਸ ਰਾਸ਼ਟਰੀ ਮੰਚ ‘ਤੇ ਹਾਜ਼ਰੀ ਫਿਰੋਜ਼ਪੁਰ ਵਾਸੀਆਂ ਲਈ ਗੌਰਵ ਦਾ ਵਿਸ਼ਾ ਸੀ, ਜਿਸ ਨੇ ਮਹਿਲਾ-ਅਗਵਾਈ ਵਾਲੇ ਸ਼ਾਸਨ ਅਤੇ ਪਿੰਡਾਂ ਦੀ ਤਬਦੀਲੀ ਪ੍ਰਤੀ ਜ਼ਿਲ੍ਹੇ ਦੀ ਵਚਨਬੱਧਤਾ ਨੂੰ ਦਰਸਾਇਆ। ਉਨ੍ਹਾਂ ਦੀ ਅਗਵਾਈ ਲੱਖਾਂ ਮਹਿਲਾਵਾਂ ਲਈ ਪ੍ਰੇਰਣਾਦਾਇਕ ਹੈ, ਜੋ ਸਮਾਜਿਕ-ਆਰਥਿਕ ਵਿਕਾਸ ਅਤੇ ਸਮਾਜ-ਕੇਂਦਰਤ ਤਬਦੀਲੀ ਵੱਲ ਅੱਗੇ ਵਧ ਰਹੀਆਂ ਹਨ।
ਇਹ ਸੰਮੇਲਨ ਸਮਾਵੇਸ਼ੀ ਅਤੇ ਭਾਗੀਦਾਰੀ ਪ੍ਰਜਾਤੰਤਰ ਦੀ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਸੀ, ਜੋ ਮਜ਼ਬੂਤ ਜ਼ਮੀਨੀ ਪੱਧਰ ਦੀ ਅਗਵਾਈ ਦੁਆਰਾ ਸਸ਼ਕਤ ਪਿੰਡਾਂ ਅਤੇ ਸ਼ਾਸਨ ਪ੍ਰਣਾਲੀਆਂ ਵੱਲ ਸਫ਼ਰ ਜਾਰੀ ਰੱਖਣ ਦੀ ਪੁਸ਼ਟੀ ਕਰਦਾ ਹੈ